ਸੰਸਾਰ

ਸਰੀ ‘ਚ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਿਹ ‘ਗਹਿਰੇ ਪਾਣੀਆਂ ਵਿਚ’ ਅਤੇ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’ ਰਿਲੀਜ਼

ਹਰਦਮ ਮਾਨ/ਕੌਮੀ ਮਾਰਗ ਬਿਊਰੋ | April 03, 2023 08:44 PM

 

ਸਰੀ, -ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਨਿਊਟਨ ਲਾਇਬਰੇਰੀ ਵਿਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਹਿ ਗਹਿਰੇ ਪਾਣੀਆਂ ਵਿਚ ਅਤੇ ਰਾਜਵੰਤ ਰਾਜ ਦਾ ਨਾਵਲ ਵਰੋਲੇ ਦੀ ਜੂਨ ਲੋਕ ਅਰਪਣ ਕੀਤੇ ਗਏ ਅਤੇ ਇਨ੍ਹਾਂ ਦੋਹਾਂ ਪੁਸਤਕਾਂ ਉੱਪਰ ਵਿਚਾਰ ਚਰਚਾ ਹੋਈ। ਇਸ ਸਮਾਗਮ ਦੀ ਪ੍ਰਧਾਨ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਡਾ. ਪਿਰਥੀਪਾਲ ਸਿੰਘ ਸੋਹੀ, ਸ਼ਾਇਰ ਕ੍ਰਿਸ਼ਨ ਭਨੋਟ ਅਤੇ ਨਾਵਲਕਾਰ ਰਾਜਵੰਤ ਰਾਜ ਨੇ ਕੀਤੀ।

ਸਮਾਗਮ ਦੇ ਆਗਾਜ਼ ਵਿਚ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਗ਼ਜ਼ਲ ਮੰਚ ਦੀ ਸਥਾਪਨਾ, ਇਸ ਦੇ ਕਾਰਜਾਂ ਅਤੇ ਵਿਸ਼ੇਸ਼ ਕਰਕੇ ਮੰਚ ਵੱਲੋਂ ਸ਼ੁਰੂ ਕੀਤੇ ਪੁਸਤਕ-ਪ੍ਰਕਾਸ਼ਨ ਦੇ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ। ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਿਹ ਗਹਿਰੇ ਪਾਣੀਆਂ ਵਿਚ ਉੱਪਰ ਪਹਿਲਾ ਪਰਚਾ ਡਾ. ਕਮਲਜੀਤ ਕੌਰ ਨੇ ਪੜ੍ਹਿਆ ਜਿਸ ਰਾਹੀਂ ਉਨ੍ਹਾਂ ਬੜੇ ਦਿਲਚਸਪ ਲਹਿਜ਼ੇ ਵਿਚ ਪੁਸਤਕ ਵਿਚਲੇ ਚੋਣਵੇਂ ਸ਼ਿਅਰ ਪੇਸ਼ ਕਰਦਿਆਂ ਇਸ ਨੂੰ ਪੰਜਾਬੀ ਗ਼ਜ਼ਲ ਵਿਚ ਨਿੱਗਰ ਵਾਧਾ ਦੱਸਿਆ। ਇਸ ਪੁਸਤਕ ਉੱਪਰ ਦੂਜਾ ਪਰਚਾ ਪੇਸ਼ ਕਰਦਿਆਂ ਸ਼ਾਇਰ ਹਰਦਮ ਮਾਨ ਨੇ ਕਿਹਾ ਕਿ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਬੇਹੱਦ ਸਰਲ, ਸਾਦਾ, ਸਪੱਸ਼ਟ, ਸਹਿਜ, ਸੁਭਾਵਿਕ, ਅਤੇ ਸੁਹਜ ਨਾਲ ਲਬਰੇਜ਼ ਸ਼ਬਦਾਂ ਦਾ ਗੁਲਦਸਤਾ ਹੈ। ਇਹ ਸ਼ਾਇਰੀ ਉਸ ਲਈ ਰੂਹ ਦੀ ਖੁਰਾਕ ਹੈ ਸ਼ਾਇਰੀ ਜੋ ਉਦਾਸੀਆਂ ਦੇ ਮੰਝਧਾਰ ਚੋਂ ਪਾਰ ਲੰਘਾਉਣ ਦਾ ਜ਼ਰੀਆ ਹੈ। ਇਹ ਸ਼ਾਇਰੀ ਹੀ ਖੁਸ਼ੀਆਂ ਦੇ ਰਾਹਾਂ ਚੋਂ ਗ਼ਮਾਂ ਦੇ ਪਹਾੜਾਂ ਹਟਾਉਂਦੀ ਹੈ ਅਤੇ ਸੀਨੇ ਵਿਚ ਜ਼ਿੰਦਗੀ ਜਿਉਣ ਦੀ ਰੀਝ ਨੂੰ ਪਰਪੱਕ ਕਰਦੀ ਹੈ ਸ਼ਾਇਰ ਧਰਮ ਮਖੌਟਾਧਾਰੀਆਂ ਵੱਲੋਂ ਦੂਈ ਦਵੈਤ, ਨਫਰਤ, ਲਾਲਚ ਦੇ ਗੁੰਮਰਾਹਕੁਨ ਪ੍ਰਚਾਰ ਰਾਹੀਂ ਮਨੁੱਖਤਾ ਨੂੰ ਵਰਗਲਾਉਣ ਵਾਲੇ ਪਖੰਡੀਆਂ ਨੂੰ ਸਮਾਜ ਦੇ ਵੱਡੇ ਦੁਸ਼ਮਣ ਮੰਨਦਾ ਹੈ ਕ੍ਰਿਸ਼ਨ ਭਨੋਟ ਨੇ ਇਸ ਸੰਗ੍ਰਿਹ ਵਿਚ ਬਹੁਤ ਹੀ ਖੂਬਸੂਰਤ ਅਲੰਕਾਰਾਂ, ਬਿੰਬਾਂ, ਤਸ਼ਬੀਹਾਂ, ਰੰਗਾਂ ਅਤੇ ਇਸ਼ਾਰਿਆਂ ਰਾਹੀਂ ਗ਼ਜ਼ਲ ਦੀ ਸੂਖਮਤਾ, ਨਜ਼ਾਕਤ, ਸਾਦਗੀ, ਸੋਖੀ, ਤਕਰਾਰ ਅਤੇ ਹੋਰ ਅਨੇਕਾਂ ਅਦਾਵਾਂ ਦਾ ਬਹੁਪੱਖੀ ਨਜ਼ਾਰਾ ਪੇਸ਼ ਕੀਤਾ ਹੈ।

ਰਾਜਵੰਤ ਰਾਜ ਦੇ ਨਾਵਲ ਵਰੋਲੇ ਦੀ ਜੂਨ ਉੱਪਰ ਮੁੱਖ ਪਰਚਾ ਡਾ. ਹਰਜੋਤ ਕੌਰ ਖਹਿਰਾ ਨੇ ਪੜ੍ਹਿਆ ਅਤੇ ਉਨ੍ਹਾਂ ਦੇ ਨਾਵਲ ਬਿਰਤਾਂਤ, ਪਾਤਰਾਂ ਦੀ ਮਨੋਦਿਸ਼ਾ ਅਤੇ ਕਹਾਣੀ ਦਾ ਬਾਖੂਬੀ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਇਹ ਨਾਵਲ ਕੈਨੇਡਾ ਵਿਚ ਮੌਜੂਦਾ ਨਵੀਂ ਪੀੜ੍ਹੀ ਦੀ ਸਮਾਜਿਕ ਅਤੇ ਮਾਨਸਿਕ ਸਥਿਤੀ ਦਾ ਯਥਾਰਥ ਪੇਸ਼ ਕਰਦਾ ਹੈ। ਨਾਵਲ ਦੀ ਸ਼ੈਲੀ ਦਿਲਕਸ਼ ਹੈ ਅਤੇ ਪਾਤਰਾਂ ਦੀ ਬੋਲੀ ਬਹੁਤ ਸੁਭਾਵਿਕ ਹੈ। ਮਾਨਵੀ ਰਿਸ਼ਤਿਆਂ ਪ੍ਰਤੀ ਨਵੀਂ ਪੀੜ੍ਹੀ ਦੀ ਸੋਚ ਅਤੇ ਪਹੁੰਚ ਦਾ ਇਸ ਨਾਵਲ ਵਿਚ ਸਹੀ ਚਿਤਰਣ ਕੀਤਾ ਗਿਆ ਹੈ। ਨਾਵਲ ਉੱਪਰ ਦੂਜਾ ਪਰਚਾ ਹਰਚੰਦ ਸਿੰਘ ਬਾਗੜੀ ਨੇ ਪੇਸ਼ ਕਰਦਿਆਂ ਨਾਵਲ ਦੀ ਕਹਾਣੀ ਅਤੇ ਪਾਤਰਾਂ ਨਾਲ ਸੰਖੇਪ ਵਿਚ ਜਾਣ ਪਛਾਣ ਕਰਵਾਈ। ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਰਾਜਵੰਤ ਰਾਜ ਜਿੱਥੇ ਪੰਜਾਬੀ ਗ਼ਜ਼ਲ ਦਾ ਸੰਜੀਦਾ ਸ਼ਾਇਰ ਹੈ ਉੱਥੇ ਹੀ ਉਸ ਨੇ ਆਪਣੇ ਪਹਿਲੇ ਨਾਵਲ ਨਾਲ ਹੀ ਨਾਵਲ ਖੇਤਰ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਉਸ ਦੇ ਦੂਜੇ ਨਾਵਲ ਵਰੋਲੇ ਦੀ ਜੂਨ ਦਾ ਵੀ ਸਾਹਿਤਕ ਹਲਕਿਆਂ ਵਿਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

ਡਾ. ਪਿਰਥੀਪਾਲ ਸਿੰਘ ਸੋਹੀ ਨੇ ਦੋਹਾਂ ਲੇਖਕਾਂ ਨੂੰ ਮੁਬਾਰਕਬਾਦ ਦਿੰਦਿਆਂ ਰਾਜਵੰਤ ਰਾਜ ਦੇ ਨਾਵਲ ਨੂੰ ਪੰਜਾਬੀ ਨਾਵਲ ਖੇਤਰ ਅਤੇ ਵਿਸ਼ੇਸ਼ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਦੀ ਇਕ ਵਧੀਆ ਰਚਨਾ ਦੱਸਿਆ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਡਾ. ਸਾਧੂ ਸਿੰਘ, ਇੰਦਰਜੀਤ ਧਾਮੀ, ਭੁਪਿੰਦਰ ਮੱਲ੍ਹੀ, ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਜਸਵੀਰ ਸਿੰਘ ਭਲੂਰੀਆ ਅਤੇ ਨਦੀਮ ਪਰਮਾਰ ਨੇ ਵੀ ਕ੍ਰਿਸ਼ਨ ਭਨੋਟ ਅਤੇ ਰਾਜਵੰਤ ਰਾਜ ਨੂੰ ਉਨ੍ਹਾਂ ਦੀਆਂ ਨਵੀਆਂ ਸਾਹਿਤਕ ਕਿਰਤਾਂ ਲਈ ਮੁਬਾਰਕਬਾਦ ਦਿੱਤੀ। ਅੰਤ ਵਿਚ ਕ੍ਰਿਸ਼ਨ ਭਨੋਟ ਅਤੇ ਰਾਜਵੰਤ ਰਾਜ ਨੇ ਸਮਾਗਮ ਵਿਚ ਹਾਜਰ ਹੋਏ ਵਿਦਵਾਨਾਂ, ਸਾਹਿਤਕਾਰਾਂ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ